ਬਠਿੰਡਾ, 3 ਮਾਰਚ ( ਰਾਵਤ ) : ਮੁੱਖ ਖੇਤੀਬਾੜੀ ਅਫਸਰ ਡਾ. ਪਾਖਰ ਸਿੰਘ ਤੇ ਬਲਾਕ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੂੰ ਆਉਣ ਵਾਲੀ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਪਿੰਡ ਸਰਦਾਰਗੜ੍ਹ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ. ਲਵਪ੍ਰੀਤ ਕੌਰ ਨੇ ਕਿਸਾਨਾਂ ਨੂੰ ਕਿਹਾ ਕੇ ਸਾਲ 2021-22 ਦੌਰਾਨ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦਾ ਕਾਫ਼ੀ ਨੁਕਸਾਨ ਹੋਇਆ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਰਮੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਗੈਰ ਮੌਸਮੀ ਪ੍ਰਬੰਧਨ ਬਹੁਤ ਜ਼ਰੂਰੀ ਹੈ। ਇਸ ਮੌਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਨੂੰ ਵਿਸਥਾਰ ਨਾਲ ਸਮਝਾਇਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਮਾਰਚ ਮਹੀਨੇ ਦਾ ਸਮਾਂ ਛਿੱਟੀਆਂ ਦੇ ਢੇਰਾਂ ਵਿੱਚ ਪਈ ਸੁੰਡੀ ਨੂੰ ਖਤਮ ਕਰਨ ਲਈ ਢੁਕਵਾਂ ਹੈ। ਕਿਸਾਨਾਂ ਨੂੰ ਆਪਣੇ ਪੱਧਰ ਤੇ ਛਿੱਟੀਆਂ ਦੇ ਛੌਰਾਂ ਦੇ ਪ੍ਰਬੰਧਨ ਲਈ ਕੰਮ ਸ਼ੁਰੂ ਕਰਨ ਲਈ ਕਿਹਾ ਤਾਂ ਜ਼ੋ ਮਾਰਚ ਮਹੀਨੇ ਤੱਕ ਛਿੱਟੀਆਂ ਦਾ ਕੰਮ ਮੁਕੰਮਲ ਹੋ ਜਾਵੇ। ਇਸ ਗੈਰ ਮੌਸਮੀ ਛਿੱਟੀਆਂ ਦੇ ਪ੍ਰਬੰਧਨ ਨਾਲ ਗੁਲਾਬੀ ਸੁੰਡੀ ਦੀ ਸੁਸਤ ਅਵਸਥਾ ਨਸ਼ਟ ਹੋ ਜਾਵੇਗੀ ਤਾਂ ਜੋ ਆਉਣ ਵਾਲੇ ਸਮੇ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਤੋਂ ਨਰਮੇ ਦੀ ਫਸਲ ਨੂੰ ਬਚਾਇਆ ਜਾ ਸਕੇ।ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਲਵਪ੍ਰੀਤ ਕੌਰ, ਖੇਤੀਬਾੜੀ ਉਪ-ਨਿਰੀਖਕ ਕਮਲਜੀਤ ਕੌਰ, ਸਹਾਇਕ ਤਕਨੀਕੀ ਮੈਨੇਜ਼ਰ ਜਗਮੀਰ ਸਿੰਘ ਨੇ ਖੇਤ ਵਿੱਚ ਪਈਆਂ ਨਰਮੇ ਦੀ ਛਿਟੀਆਂ ਦੇ ਢੇਰਾਂ ਦਾ ਨਿਰੀਖਣ ਕੀਤਾ ਅਤੇ ਜਿਸ ਵਿੱਚ ਗੁਲਾਬੀ ਸੁੰਡੀ ਦੇ ਲਾਵਰੇ ਪਾਏ ਗਏ। ਕਿਸਾਨਾਂ ਦੇ ਸਹਿਯੋਗ ਨਾਲ ਛਿੱਟੀਆਂ ਦੇ ਢੇਰਾਂ ਨੂੰ ਝਾੜ ਕੇ ਟੀਡੇਂ ਅਤੇ ਛਿੱਟੀਆਂ ਦੀ ਰਹਿੰਦ-ਖੁੰਹਦ ਨੂੰ ਨਸ਼ਟ ਕਰਵਾਇਆ ਗਿਆ। ਇਸ ਸਬੰਧ ਵਿੱਚ ਸ਼੍ਰੀ ਗੁਰਦੁਆਰਾ ਸਾਹਿਬ ਵਿੱਚ ਅਨਾਊਸਮੈਂਟਾ ਕਰਵਾਈਆਂ ਜਾ ਰਹੀਆਂ ਹਨ ਤੇ ਪੰਚਾਇਤਾ ਨਾਲ ਤਾਲ-ਮੇਲ ਕਰਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਸ਼੍ਰੀ ਬਿਕਰਮਜੀਤ ਸਿੰਘ ਤੇ ਅਗਾਂਹਵਧੂ ਕਿਸਾਨ ਮੌਜੂਦ ਸਨ।
Author: DISHA DARPAN
Journalism is all about headlines and deadlines.