ਬਠਿੰਡਾ 1, ਜਨਵਰੀ-( ਰਾਵਤ ) :ਖੇਤੀਬਾੜੀ ਵਿੱਚ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ‘ਆਰੀਆ ਪ੍ਰੋਜੈਕਟ’ ਤਹਿਤ ਖੁੰਬਾਂ ਦੀ ਕਾਸ਼ਤ ਸਬੰਧੀ ਇੱਕ ਵਿਸ਼ੇਸ਼ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ।

ਇਸ ਕੋਰਸ ਦੌਰਾਨ ਨੌਜਵਾਨਾਂ ਅਤੇ ਕਿਸਾਨਾਂ ਵਿੱਚ ਮਸ਼ਰੂਮ ਕਾਸ਼ਤ ਪ੍ਰਤੀ ਵੱਡੀ ਰੁਚੀ ਦੇਖਣ ਨੂੰ ਮਿਲੀ, ਕਿਉਂਕਿ ਇਹ ਕਾਸ਼ਤ ਘੱਟ ਜਗ੍ਹਾ, ਘੱਟ ਪੂੰਜੀ ਅਤੇ ਘੱਟ ਸਮੇਂ ਵਿੱਚ ਵਧੀਆ ਆਮਦਨ ਦੇਣ ਦੀ ਸਮਰਥਾ ਰੱਖਦੀ ਹੈ।ਇਸ ਸਿਖਲਾਈ ਕੋਰਸ ਦੀ ਅਗਵਾਈ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਅਤੇ ਡਾ. ਗੁਰਮੀਤ ਸਿੰਘ ਢਿੱਲੋਂ, ਪ੍ਰੋਫੈਸਰ (ਪਸਾਰ ਸਿੱਖਿਆ) ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਮਸ਼ਰੂਮ ਕਾਸ਼ਤ ਨੌਜਵਾਨਾਂ ਲਈ ਰਵਾਇਤੀ ਫਸਲਾਂ ਤੋਂ ਇਲਾਵਾ ਇੱਕ ਆਕਰਸ਼ਕ ਬਦਲ ਹੈ, ਜਿਸ ਨਾਲ ਸਾਲ ਭਰ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।ਕੋਰਸ ਦੌਰਾਨ ਮਾਹਿਰ ਵਿਗਿਆਨੀਆਂ ਡਾ. ਚੇਤਕ ਬਿਸ਼ਨੋਈ, ਡਾ. ਤੇਜਪਾਲ ਸਿੰਘ ਸਰਾਂ, ਡਾ. ਸੁਖਜਿੰਦਰ ਸਿੰਘ ਅਤੇ ਡਾ. ਗੁਰਪ੍ਰੀਤ ਕੌਰ ਢਿੱਲੋਂ ਵੱਲੋਂ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਨਾਲ ਜੁੜੀ ਤਕਨੀਕੀ ਜਾਣਕਾਰੀ ਦਿੱਤੀ ਗਈ। ਸਿਖਿਆਰਥੀਆਂ ਨੂੰ ਬਟਨ ਖੁੰਬ, ਓਇਸਟਰ ਖੁੰਬ, ਢੀਂਗਰੀ ਅਤੇ ਮਿਲਕੀ ਖੁੰਬ ਦੀ ਕਾਸ਼ਤ, ਉਨ੍ਹਾਂ ਲਈ ਲੋੜੀਂਦਾ ਤਾਪਮਾਨ, ਨਮੀ, ਸਫ਼ਾਈ ਅਤੇ ਉੱਚ ਗੁਣਵੱਤਾ ਵਾਲੇ ਸਪਾਨ ਦੀ ਚੋਣ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ।ਵਿਗਿਆਨੀਆਂ ਨੇ ਦੱਸਿਆ ਕਿ ਖੁੰਬ ਇੱਕ ਉੱਚ ਪੋਸ਼ਣ ਮੁੱਲ ਵਾਲਾ ਭੋਜਨ ਹੈ ਜੋ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਾਂ ਨਾਲ ਭਰਪੂਰ ਹੁੰਦਾ ਹੈ। ਇਸ ਕਾਰਨ ਸ਼ਹਿਰੀ ਅਤੇ ਪੇਂਡੂ ਦੋਵੇਂ ਖੇਤਰਾਂ ਵਿੱਚ ਇਸ ਦੀ ਮੰਗ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਵਿਗਿਆਨਕ ਢੰਗ ਨਾਲ ਕੀਤੀ ਖੁੰਬਾਂ ਦੀ ਕਾਸ਼ਤ ਰਾਹੀਂ ਨੌਜਵਾਨ ਸਾਲਾਨਾ ਚੰਗੀ ਆਮਦਨ ਹਾਸਲ ਕਰ ਸਕਦੇ ਹਨ ਅਤੇ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਵਪਾਰਕ ਰੂਪ ਵਿੱਚ ਇਸ ਨੂੰ ਫੈਲਾਅ ਸਕਦੇ ਹਨ।ਸਿਖਲਾਈ ਦੌਰਾਨ ਕੰਪੋਸਟ ਖਾਦ ਤਿਆਰ ਕਰਨ, ਖੁੰਬ ਬੈਗ ਭਰਨ, ਰੋਗ ਪ੍ਰਬੰਧਨ, ਤੁੜਾਈ, ਸਟੋਰੇਜ ਅਤੇ ਮਾਰਕੀਟਿੰਗ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਇਸ ਨਾਲ ਸਿਖਿਆਰਥੀਆਂ ਵਿੱਚ ਇਹ ਭਰੋਸਾ ਪੈਦਾ ਹੋਇਆ ਕਿ ਖੁੰਬਾਂ ਦੀ ਕਾਸ਼ਤ ਸਿਰਫ਼ ਇੱਕ ਸਹਾਇਕ ਗਤੀਵਿਧੀ ਨਹੀਂ, ਸਗੋਂ ਪੂਰੀ ਤਰ੍ਹਾਂ ਲਾਭਕਾਰੀ ਕਿੱਤਾ ਬਣ ਸਕਦੀ ਹੈ।ਇਸ ਮੌਕੇ ਸਿਖਿਆਰਥੀਆਂ ਨੂੰ ਖੁੰਬਾਂ ਦੀ ਕਾਸ਼ਤ ਰਾਹੀਂ ਆਮਦਨ ਦੇ ਸੰਭਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਵਿਗਿਆਨੀਆਂ ਨੇ ਕਿਹਾ ਕਿ ਨੌਜਵਾਨ ਜੇਕਰ ਖੁੰਬਾਂ ਦੀ ਕਾਸ਼ਤ ਨੂੰ ਵਿਗਿਆਨਕ ਢੰਗ ਨਾਲ ਅਪਣਾਉਣ, ਤਾਂ ਇਹ ਰੋਜ਼ਗਾਰ ਦਾ ਇੱਕ ਮਜ਼ਬੂਤ ਸਾਧਨ ਬਣ ਸਕਦਾ ਹੈ ਅਤੇ ਵਿਦੇਸ਼ ਜਾਣ ਦੀ ਬਜਾਏ ਦੇਸ਼ ਵਿੱਚ ਹੀ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਸੰਭਵ ਹੈ।ਕੋਰਸ ਦੇ ਅੰਤ ‘ਤੇ ਭਾਗੀਦਾਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਖਲਾਈ ਉਨ੍ਹਾਂ ਲਈ ਅੱਖਾਂ ਖੋਲ੍ਹਣ ਵਾਲੀ ਸਾਬਤ ਹੋਈ ਹੈ ਅਤੇ ਉਹ ਭਵਿੱਖ ਵਿੱਚ ਖੁੰਬਾਂ ਦੀ ਕਾਸ਼ਤ ਨੂੰ ਅਪਣਾਕੇ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਹਨ।
Author: DISHA DARPAN
Journalism is all about headlines and deadlines.






Users Today : 5
Users Yesterday : 12